ਕੋਵਿਡ-19 ਤਾਲਾਬੰਦੀ ਦੌਰਾਨ ਭਾਰਤ 'ਚ ਫਸੇ ਸੈਂਕੜੇ ਆਸਟ੍ਰੇਲੀਅਨ ਨਾਗਰਿਕ, ਕੀਤੀ ਸਰਕਾਰ ਤੋਂ ਮੱਦਦ ਲਈ ਅਪੀਲ

ਭਾਰਤ ਵਿੱਚ ਲਾਗੂ ਜਨਤਕ ਕਰਫਿਊ ਅਤੇ ਰੱਦ ਹੋਈਆਂ ਹਵਾਈ ਉਡਾਣਾਂ ਦੇ ਮੱਦੇਨਜ਼ਰ ਸੈਂਕੜੇ ਹੀ ਆਸਟ੍ਰੇਲੀਅਨ ਲੋਕਾਂ ਦੇ ਭਾਰਤ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ। ਇਹਨਾਂ ਵਿਚੋਂ ਕੁਝ ਲੋਕਾਂ ਨੇ ਉਹਨਾਂ ਨੂੰ ਤੁਰੰਤ ਭਾਰਤ 'ਚੋਂ ਬਾਹਰ ਕੱਢਣ ਲਈ ਸਰਕਾਰ ਕੋਲ ਅਪੀਲ ਕੀਤੀ ਹੈ।

India lockdown

Hundreds of Australians stranded in India's nationwide lockdown Source: Supplied

ਪਰਥ ਦੇ ਮੈਥਿਊ ਜੇਮਸ ਚਿਨਰੀ ਮਾਰਚ ਦੇ ਪਹਿਲੇ ਹਫਤੇ ਹੋਲੀ ਦੇ ਤਿਓਹਾਰ ਨੂੰ ਮਨਾਉਣ ਵਾਸਤੇ ਪੱਛਮੀ ਭਾਰਤ ਦੇ ਗੋਆ ਸ਼ਹਿਰ ਵਿੱਚ ਗਏ ਸਨ।

ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੇ ਇਸ ਰੰਗਾਰੰਗ ਪਰੋਗਰਾਮ ਵਿੱਚ ਇਸ ਤਰਾਂ ਨਾਲ ਰੁਕਾਵਟ ਵੀ ਪੈ ਸਕਦੀ ਹੈ ਅਤੇ ਉਹਨਾਂ ਨੂੰ ਕਿਸੇ ਹਸਪਤਾਲ ਵਿੱਚ ਕਈ ਦਿਨ ਗੁਜ਼ਾਰਨੇ ਪੈਣਗੇ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸ਼੍ਰੀ ਚਿਨਰੀ ਨੇ ਕਿਹਾ, "ਮੈਂ ਹਰ ਕੀਮਤ ਤੇ ਇਸ ਬਿਮਾਰੀ ਅਤੇ ਬੁਰੀ ਤਰਾਂਹ ਮਰੀਜ਼ਾਂ ਨਾਲ਼  ਭਰੇ ਹਸਪਤਾਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ।"
Matthew James Chinery
Matthew James Chinery is quarantined at a hospital in Goa. Source: Supplied
ਬੇਸ਼ਕ ਉਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਹਨ ਪਰ ਆਪਣੀ ਜਰੂਰਤ ਦੀਆਂ ਵਸਤਾਂ ਲੈਣ ਲਈ ਬਾਹਰ ਜਾਣ ਉੱਤੇ ਪੁਲੀਸ ਦੀ ਮਾਰਕੁੱਟ ਦਾ ਡਰ ਵੀ ਉਹਨਾਂ ਦੇ ਦਿਲ ਵਿੱਚ ਬੈਠਾ ਹੋਇਆ ਹੈ।

"ਤਿੰਨ ਦਿਨ ਪਹਿਲਾਂ ਮੈਨੂੰ ਇਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਮੈਂ ਬਾਹਰ ਆਪਣੇ ਪੈਸੇ ਲੈਣ ਲਈ ਨਹੀਂ ਜਾ ਸਕਦਾ। ਮੇਰੇ ਟੈਸਟ ਹੋ ਚੁੱਕੇ ਹਨ ਪਰ ਹੁਣ ਮੈਂ ਇਹਨਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹਾਂ।"
ਸ਼੍ਰੀ ਚਿਨਰੀ ਨੇ ਦੱਸਿਆ ਕਿ ਬੇਸ਼ਕ ਹਸਪਤਾਲ ਤੋਂ ਖਾਣਾ ਤਾਂ ਠੀਕ-ਠਾਕ ਮਿਲ ਰਿਹਾ ਹੈ ਪਰ ਸਾਫ ਪਾਣੀ ਦੀ ਬਹੁਤ ਕਿੱਲਤ ਹੈ।
ਵੈਸੇ, ਅਜਿਹੀ ਮੁਸੀਬਤ ਭਰੀ ਸਥਿਤੀ ਵਿੱਚ ਸ਼੍ਰੀ ਚਿਨਰੀ ਇਕੱਲੇ ਨਹੀਂ ਹਨ - ਉਹਨਾਂ ਦੇ ਨਾਲ 400 ਹੋਰ ਅਜਿਹੇ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ-ਨਿਵਾਸੀ ਵੀ ਹਨ ਜੋ ਕਿ ਭਾਰਤ ਵਲੋਂ ਅਚਾਨਕ ਕੀਤੀ ਤਾਲਾਬੰਦੀ ਕਾਰਨ ਉੱਥੇ ਫਸੇ ਹੋਏ ਹਨ ਅਤੇ ਆਸਟ੍ਰੇਲੀਆ ਦੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਕਿਸੇ ਵੀ ਤਰਾਂਹ ਉਹਨਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਕੇ ਆਸਟ੍ਰੇਲੀਆ ਲਿਆਂਦਾ ਜਾਵੇ।

ਪਰਨਵ ਜੋ ਕਿ ਗੁਜਰਾਤ ਦੇ ਸ਼ਹਿਰ ਵਡੋਦਰਾ ਨਾਲ਼ ਸਬੰਧ ਰੱਖਦੇ ਹਨ, ਨੂੰ ਆਪਣੀ ਯਾਤਰਾ ਵਿੱਚ ਤਬਦੀਲੀ ਕਰਨ ਦਾ ਸਮਾਂ ਹੀ ਨਹੀਂ ਮਿਲਿਆ।
Pranav
Pranav is an Australian citizen stranded in Vadodara in the western Indian state of Gujarat. Source: Supplied
ਸਿਡਨੀ ਦੀ ਰਹਿਣ ਵਾਲੀ ਅਰੁਨਦੀਪ ਕੌਰ ਇਸ ਸਮੇਂ ਪੂਨਾ ਵਿੱਚ ਆਪਣੇ ਪਤੀ ਅਤੇ ਬਜ਼ੁਰਗ ਸੱਸ-ਸਹੁਰੇ ਨਾਲ਼ ਆਸਟ੍ਰੇਲੀਆ ਆਉਣ ਲਈ ਤਰਸ ਰਹੀ ਹੈ। 

ਉਹਨਾਂ ਨੂੰ ਆਪਣੇ ਸ਼ੂਗਰ-ਰੋਗ ਦੇ ਮਰੀਜ਼ ਪਤੀ ਅਤੇ ਵੀਹਲ ਚੇਅਰ ਦਾ ਇਸਤੇਮਾਲ ਕਰਨ ਵਾਲੇ ਬਜ਼ੁਰਗਾਂ ਦਾ ਫਿਕਰ ਹੈ ਜਿਹਨਾਂ ਦੀ ਦਵਾਈ ਖਤਮ ਹੋਣ ਵਾਲੀ ਹੈ।

47 ਸਾਲਾ ਇਸ ਫਾਇਨੈਂਸ ਮੈਨੇਜਰ ਨੇ ਦੱਸਿਆ, "ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਬਾਹਰ ਜਾ ਕਿ ਦਵਾਈਆਂ ਭਾਲਣ ਦੀ ਕੋਸ਼ਿਸ਼ ਕਰਦੀ ਹਾਂ।"

ਸ਼੍ਰੀਮਤੀ ਕੌਰ ਨੇ ਇਹ ਵੀ ਕਿਹਾ ਕਿ ਬੇਸ਼ਕ ਆਸਟ੍ਰੇਲੀਆ ਦੀ ਸਰਕਾਰ ਕਹਿ ਰਹੀ ਹੈ ਕਿ ਤੁਰੰਤ ਹਵਾਈ ਉਡਾਣਾਂ ਲੈ ਕਿ ਉੱਥੋਂ ਬਾਹਰ ਨਿਕਲੋ, ਪਰ ਇਸ ਸਮੇਂ ਕੋਈ ਵੀ ਉਡਾਣ ਉਪਲਬਧ ਨਹੀਂ ਹੈ ਕਿਉਂਕਿ ਭਾਰਤ ਦੀ ਸਰਕਾਰ ਵਲੋਂ ਸਾਰੀਆਂ ਵਿਦੇਸ਼ੀ ਉਡਾਣਾਂ ਉੱਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ।
Arundeep
Arundeep Kaur's family. Source: Supplied
ਉਹਨਾਂ ਕਿਹਾ ਕਿ ਭਾਰਤ ਵਲੋਂ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਭਾਰਤੀਆਂ ਨੂੰ ਖਾਸ ਹਵਾਈ ਉਡਾਣਾਂ ਦੁਆਰਾ ਇੱਥੇ ਲਿਆਇਆ ਜਾ ਰਿਹਾ ਹੈ। ਪਰ ਆਸਟ੍ਰੇਲੀਆ ਦੀ ਸਰਕਾਰ ਸਾਡੇ ਵਾਸਤੇ ਕੁੱਝ ਵੀ ਅਜਿਹਾ ਨਹੀਂ ਕਰ ਰਹੀ।

ਕੈਨਬਰਾ ਵਿਚਲੇ ਵਿਦੇਸ਼ ਮੰਤਰਾਲੇ ਨੂੰ ਭਾਰਤ ਵਿੱਚ ਫਸੇ ਅਜਿਹੇ ਆਸਟ੍ਰੇਲੀਅਨਾਂ ਦੀਆਂ ਕਈ ਬੇਨਤੀਆਂ ਮਿਲ ਚੁੱਕੀਆਂ ਹਨ।

ਵਿਦੇਸ਼ੀ ਮਾਮਲਿਆਂ ਦੇ ਮੰਤਰੀ ਮਰੀਸਾ ਪੇਅਨ ਨੇ ਕਿਹਾ ਹੈ ਕਿ ਉਹ ਹਰੇਕ ਮਾਮਲੇ ਉੱਤੇ ਵਿਚਾਰ ਕਰ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਨੂੰ ਵਾਪਸ ਇੱਥੇ ਲਿਆਉਣ ਲਈ ਯਤਨਸ਼ੀਲ ਹਨ। ਪਰ ਉਹਨਾਂ ਨੇ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
India Goes Into 21 Day Lockdown Due To Coronavirus
Shops closed on day 3 of the three week nationwide lockdown to check the spread of Coronavirus Source: Getty Images
ਭਾਰਤ ਲਈ ਆਸਟ੍ਰੇਲੀਅਨ ਰਾਜਦੂਤ ਬੈਰੀ ਓ’ ਫੈਰਲ ਨੇ ਕਿਹਾ ਹੈ ਕਿ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਦੀ ਵਾਪਸੀ ਉਹਨਾਂ ਲਈ ਇੱਕ ਜ਼ਰੂਰੀ ਕੰਮ ਹੈ।

ਉਹਨਾਂ ਨਾਲ਼ ਹੀ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਉੱਥੋਂ ਦੇ ਅਧਿਕਾਰੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਸੰਜਮ ਤੋਂ ਕੰਮ ਲੈਣ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

Listen to  Monday to Friday at 9 pm. Follow us on  and 

Share
Published 30 March 2020 3:37pm
Updated 12 August 2022 3:19pm
By Avneet Arora, MP Singh


Share this with family and friends