ਆਸਟ੍ਰੇਲੀਅਨ ਸਰਕਾਰ ਵਲੋਂ ਵਿਦਿਆਰਥੀ ਵੀਜ਼ਿਆਂ ਬਾਰੇ ਨਵੇਂ ਫੈਸਲਿਆਂ ਦਾ ਕੀ ਹੋਏਗਾ ਅਸਰ?

16X9 - Shyna.jpg

ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਵਿੱਚੋਂ 32 ਪ੍ਰਤੀਸ਼ਤ ਆਸਟ੍ਰੇਲੀਆ ਵਿੱਚ ਆਪਣੇ ਰਹਿਣ ਦੇ ਸਮੇਂ ਨੂੰ ਲੰਮਾ ਕਰਨ ਲਈ ਮੁੜ ਸਟੂਡੈਂਟ ਵੀਜ਼ਾ ਲਗਾ ਰਹੇ ਹਨ: ਰਿਪੋਰਟ Credit: (Image by Pexels)

Get the SBS Audio app

Other ways to listen

ਆਸਟ੍ਰੇਲੀਆ ਸਰਕਾਰ ਦੇ ਨਵੇਂ ਫੈਸਲੇ ਤਹਿਤ ਵਿਜ਼ਿਟਰ ਵੀਜ਼ਾ ਅਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵਿਦਿਆਰਥੀ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ। ਇਹ ਕਿਉਂ ਮਾਇਨੇ ਰੱਖਦਾ ਹੈ, ਅਤੇ ਇਸਦਾ ਕੀ ਅਸਰ ਪਵੇਗਾ, ਇਹ ਜਾਣਨ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਵਿਸਥਾਰਿਤ ਪੜਚੋਲ..


Key Points
  • 150,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਬਦਲਵੇਂ ਜਾਂ ਮੁੜ ਤੋਂ ਲਗਵਾਏ ਵਿਦਿਆਰਥੀ ਵੀਜ਼ਿਆਂ 'ਤੇ ਹੀ ਆਸਟਰੇਲੀਆ ਵਿੱਚ ਰਹਿ ਰਹੇ ਹਨ: ਸਰਕਾਰ
  • ਜੁਲਾਈ 2023 ਤੋਂ ਮਈ 2024 ਦਰਮਿਆਨ 36,000 ਤੋਂ ਵੱਧ ਵਿਜ਼ੀਟਰ ਵੀਜ਼ਾ ਧਾਰਕਾਂ ਨੇ ਵਿਦਿਆਰਥੀ ਵੀਜ਼ਿਆਂ ਲਈ ਅਪਲਾਈ ਕੀਤਾ: ਸਰਕਾਰ
ਆਸਟ੍ਰੇਲੀਅਨ ਸਰਕਾਰ, ਪ੍ਰਵਾਸੀਆਂ ਵਲੋਂ 'ਵੀਜ਼ਾ ਹਾਪਿੰਗ' 'ਤੇ ਰੋਕ ਲਗਾਉਣ ਜਾ ਰਹੀ ਹੈ ਭਾਵ ਕਿ ਹੁਣ ਆਸਟ੍ਰੇਲੀਆ ਵਿੱਚ ਰਹਿਣ ਲਈ ਕੋਈ ਪ੍ਰਵਾਸੀ ਇੱਕ ਤੋਂ ਬਾਅਦ ਇੱਕ ਨਵਾਂ ਵੀਜ਼ਾ ਅਪਲਾਈ ਨਹੀਂ ਕਰ ਸਕੇਗਾ।

ਇੱਕ ਅਧਿਕਾਰਕ ਬਿਆਨ ਵਿੱਚ, ਅਲਬਨੀਜ਼ੀ ਸਰਕਾਰ ਨੇ ਕਿਹਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ ਆਸਟ੍ਰੇਲੀਆ ਵਿੱਚ 'ਸਥਾਈ ਤੌਰ 'ਤੇ ਅਸਥਾਈ' ਹੋਣ ਦੇ ਇਸ ਰੁਝਾਨ ਵਿੱਚ ਸਟੂਡੈਂਟ ਵੀਜ਼ਾ ਦੀ ਵਰਤੋਂ 'ਤੇ ਰੋਕ ਲਗਾਉਣਗੇ।

ਨਵਾਂ ਨਿਯਮ ਕੀ ਹੈ:

ਪਹਿਲੀ ਜੁਲਾਈ ਤੋਂ, ਵਿਜ਼ਟਰ ਵੀਜ਼ਾ ਅਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ।

ਇਹ ਕਿਉਂ ਮਾਇਨੇ ਰੱਖਦਾ ਹੈ:

ਸਰਕਾਰ ਦਾ ਟੀਚਾ ਹੈ ਕਿ ਲੋਕਾਂ ਵਲੋਂ ਆਸਟ੍ਰੇਲੀਆ ਵਿੱਚ ਆਪਣੇ ਠਹਿਰਾਅ ਨੂੰ ਲੰਮਾ ਕਰਨ ਲਈ ਵਿਦਿਆਰਥੀ ਵੀਜ਼ਾ ਦੀ ਵਰਤੋਂ ਨੂੰ ਰੋਕਿਆ ਜਾਵੇ।

ਮਾਈਗ੍ਰੇਸ਼ਨ ਰਣਨੀਤੀ ਦੇ ਅਨੁਸਾਰ, 1,50,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਦੂਜੇ ਜਾਂ ਮੁੜ ਲਗਾਏ ਵਿਦਿਆਰਥੀ ਵੀਜ਼ੇ 'ਤੇ ਹੀ ਆਸਟਰੇਲੀਆ ਵਿੱਚ ਰਹਿ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ, 2022-23 ਦੌਰਾਨ ਇਸ ਗਿਣਤੀ ਵਿੱਚ 30 ਫੀਸਦ ਦਾ ਵਾਧਾ ਹੋਇਆ ਹੈ।
'ਦਿ ਗ੍ਰੈਜੂਏਟਸ ਇਨ ਲਿੰਬੋ' ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਵਿੱਚੋਂ 32 ਪ੍ਰਤੀਸ਼ਤ ਮੁੜ ਸਟੂਡੈਂਟ ਵੀਜ਼ਾ ਲਗਾ ਰਹੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਅਸਥਾਈ ਗ੍ਰੈਜੂਏਟ ਵਿਜ਼ਾ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਲਈ ਦਿੱਤਾ ਜਾਂਦਾ ਹੈ।

ਸਰਕਾਰ ਦੁਆਰਾ ਇੱਕ ਅਧਿਕਾਰਕ ਬਿਆਨ ਵਿੱਚ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਿਕ ਵਿਜ਼ਿਟਰ ਵੀਜ਼ੇ 'ਤੇ ਆਸਟ੍ਰੇਲੀਆ ਆਉਣ ਤੋਂ ਬਾਅਦ, 36,000 ਤੋਂ ਵੱਧ ਲੋਕਾਂ ਨੇ ਵਿਦਿਆਰਥੀ ਵੀਜ਼ੇ ਲਈ ਅਰਜ਼ੀ ਦਿੱਤੀ ਹੈ ਅਤੇ ਇਹ ਅੰਕੜਾ ਸਿਰਫ 1 ਜੁਲਾਈ 2023 ਤੋਂ ਮਈ 2024 ਦੇ ਅਖੀਰ ਤੱਕ ਦਾ ਹੈ।
pexels-darina-belonogova-7208927.jpg
Credit: Image by Pexels
ਵਿਦਿਆਰਥੀ ਮਾਈਗ੍ਰੇਸ਼ਨ ਵਿੱਚ 'ਲੂਪੌਲਸ' 'ਤੇ ਕਾਰਵਾਈ:

ਕਾਬਲੇਗੌਰ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਮਾਈਗ੍ਰੇਸ਼ਨ ਪ੍ਰਣਾਲੀ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਪਹਿਲਾਂ ਹੀ ਕਈ ਉਪਾਅ ਕੀਤੇ ਹਨ।

ਇਸ ਤੋਂ ਪਹਿਲਾਂ ਹੀ ਐਲਾਨੀਆਂ ਗਈਆਂ ਤਬਦੀਲੀਆਂ ਵਿੱਚ ਵਿਜ਼ਿਟਰ ਵੀਜ਼ਿਆਂ 'ਤੇ ਹੋਰ ਠਹਿਰਨ ਦੀਆਂ ਸ਼ਰਤਾਂ ਤੇ ਰੋਕ, ਗੈਰ-ਪਾਬੰਦੀਸ਼ੁਦਾ ਕੰਮ ਦੇ ਅਧਿਕਾਰਾਂ ਨੂੰ ਖਤਮ ਕਰਨਾ, ਪੜ੍ਹਾਈ ਤੋਂ ਬਾਅਦ ਦੇ ਕੰਮ ਦੇ ਅਧਿਕਾਰਾਂ ਨੂੰ ਬਹੁਤ ਘੱਟ ਕਰਨਾ, 485 ਵੀਜ਼ਾ ਦੀ ਉਮਰ ਸੀਮਾ ਨੂੰ 50 ਤੋਂ 35 ਸਾਲ ਤੱਕ ਘਟਾਉਣਾ, ਅਤੇ ਵਿਦਿਆਰਥੀ ਵੀਜ਼ਿਆਂ ਲਈ ਅੰਗਰੇਜ਼ੀ ਭਾਸ਼ਾ ਦੇ ਮਾਪਦੰਡ ਵਿੱਚ ਵਾਧਾ ਸ਼ਾਮਲ ਹੈ।

ਇਹ ਕਿਉਂ ਹੋ ਰਿਹਾ ਹੈ:

ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਵਿੱਚ "ਇਕਸਾਰਤਾ ਬਹਾਲ" ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਹੱਤਵਪੂਰਨ ਹਵਾਲਾ:

ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਕਿਹਾ, “ਸਾਨੂੰ ਇੱਕ ਪ੍ਰਵਾਸ ਨੀਤੀ ਦੀ ਲੋੜ ਹੈ ਜੋ ਸਾਨੂੰ ਲੋੜੀਂਦੇ ਹੁਨਰ ਪ੍ਰਦਾਨ ਕਰੇ ਪਰ ਕਮੀਆਂ ਅਤੇ ਸ਼ੋਸ਼ਣ ਵਿੱਚ ਵਪਾਰ ਨਾ ਕਰੇ।”

ਵੀਜ਼ਾ ਸਲਾਹਕਾਰ ਪ੍ਰਭਜੋਤ ਕੌਰ ਨੇ ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਕਿਹਾ, "ਜਿਨ੍ਹਾਂ ਲੋਕਾਂ ਦੇ ਵੀਜ਼ੇ ਦੀ ਮਿਆਦ ਪੁੱਗ ਰਹੀ ਹੈ ਅਤੇ ਉਹ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਤਾਂ ਉਹ 1 ਜੁਲਾਈ ਤੋਂ ਪਹਿਲਾਂ ਅਜਿਹਾ ਕਰ ਸਕਦੇ ਹਨ। 485 ਵੀਜ਼ਾ ਇੱਕ ਬਹੁਤ ਮਹੱਤਵਪੂਰਨ ਵੀਜ਼ਾ ਹੈ ਅਤੇ ਜਿਨ੍ਹਾਂ ਕੋਲ ਇਹ ਹੈ ਉਹਨਾਂ ਨੂੰ ਸੰਬੰਧਿਤ ਕੰਮ ਦਾ ਤਜਰਬਾ ਹਾਸਲ ਕਰਨ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਤਾਂ ਜੋ ਬੇਸ਼ੱਕ ਉਨ੍ਹਾਂ ਨੂੰ ਹੁਨਰਮੰਦ ਮਾਰਗ ਰਾਹੀਂ ਸੱਦਾ ਨਾ ਮਿਲੇ ਪਰ ਤਾਂ ਵੀ ਉਹ ਕਰਮਚਾਰੀ ਸਪਾਂਸਰ ਵੀਜ਼ਾ ਲਈ ਜਾ ਅਪਲਾਈ ਕਰ ਸਕਣ।"

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਤੇ ਵੀ ਫਾਲੋ ਕਰੋ

Share